ਬੀਜਿੰਗ : ਚੀਨ ਨੇ ਮੁਰੰਮਤ ਦੇ ਬਾਅਦ ਪਹਿਲਾ ਸਿੰਗਲ ਇੰਜਣ ਜੇ.ਐੱਫ.-17 ਫ਼ਾਈਟਰ ਜੈੱਟ ਪਾਕਿਸਤਾਨ ਨੂੰ ਸੌਂਪ ਦਿਤਾ। ਇਸ ਬਹੁਉਪਯੋਗੀ ਲੜਾਕੂ ਜਹਾਜ਼ ਦੇ ਨਿਰਮਾਣ ਨੂੰ ਲੈ ਕੇ ਚੀਨ ਅਤੇ ਪਾਕਿਸਤਾਨ ਵਿਚਾਲੇ ਕਰੀਬ ਇਕ ਦਹਾਕੇ ਪਹਿਲਾਂ ਸਮਝੌਤਾ ਹੋਇਆ ਸੀ। ਬੀਜਿੰਗ ਵਲੋਂ ਪਾਕਿਸਤਾਨ ਨੂੰ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਸਾਲ 2007 ਵਿਚ ਸੌਂਪੀ ਗਈ ਸੀ। ਇਸ ਦੇ ਬਾਅਦ ਪਾਕਿਸਤਾਨੀ ਹਵਾਈ ਫ਼ੌਜ ਨੇ ਇਨ੍ਹਾਂ ਵਿਚੋਂ ਕਈ ਜਹਾਜ਼ ਅਪਣੇ ਬੇੜੇ ਵਿਚ ਸ਼ਾਮਲ ਕੀਤੇ ਸਨ। ਕਰੀਬ ਇਕ ਦਹਾਕੇ ਤਕ ਵਰਤਣ ਦੇ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਜੇ.ਐੱਫ.-17 ਲਨਾਕੂ ਜਹਾਜ਼ ਦੀ ਮੁਰੰਮਤ ਦਾ ਕੰਮ ਕੀਤਾ ਗਿਆ। ਮੁਰੰਮਤ ਦਾ ਕੰਮ ਨਵੰਬਰ 2017 ਵਿਚ ਸ਼ੁਰੂ ਕੀਤਾ ਗਿਆ ਸੀ। ਦੋਹਾਂ ਪਖਾਂ ਵਿਚਾਲੇ ਇਸ ਲਈ ਸਾਲ 2016 ਵਿਚ ਸਮਝੌਤਾ ਹੋਇਆ ਸੀ। ਇਕ ਚੀਨੀ ਅਖਬਾਰ ਮੁਤਾਬਕ ਚਾਂਗਸ਼ਾ 5712 ਏਅਰ ਕ੍ਰਾਫ਼ਟ ਇੰਡਸਟਰੀ ਕੰਪਨੀ ਲਿਮੀਟਿਡ ਨੇ ਸਰਕਾਰੀ ਕੰਪਨੀ ਐਵੀਏਸ਼ਨ ਇੰਡਸਟਰੀ ਕਾਰਪੋਰੇਸ਼ਨ ਨਾਲ ਮਿਲ ਕੇ ਜਹਾਜ਼ ਦੀ ਮੁਰੰਮਤ ਕੀਤੀ ਅਤੇ ਇਸ ਨੂੰ ਪਾਕਿਸਤਾਨ ਨੂੰ ਸੌਂਪ ਦਿਤਾ।